ਨਵੀਂ ਦਿੱਲੀ - ਸਦਰ ਬਾਜ਼ਾਰ ਦੇ ਵਪਾਰੀਆਂ ਨੇ ‘ਰਾਹੁਲ ਗਾਂਧੀ ਜੀ, ਮੁਹੱਬਤ ਦੀ ਦੁਕਾਨ ਦੇ ਨਾਮ ’ਤੇ ਸਾਡੀ ਦੁਕਾਨ ਖਰਾਬ ਨਾ ਕਰੋ’ ਦੇ ਪੋਸਟਰ ਲੈ ਕੇ 1 ਨਵੰਬਰ ਨੂੰ ਪ੍ਰਸਤਾਵਿਤ ਰਾਹੁਲ ਗਾਂਧੀ ਦੀ ਰੈਲੀ ਮੁਲਤਵੀ ਕਰਨ ਦੀ ਮੰਗ ਕੀਤੀ। ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਵਪਾਰੀਆਂ ਨੇ ਤਿਉਹਾਰੀ ਸੀਜ਼ਨ ਦੌਰਾਨ ਕਾਰੋਬਾਰ ਪ੍ਰਭਾਵਿਤ ਹੋਣ ਦੀ ਚਿੰਤਾ ਜਤਾਈ। ਪੰਮਾ ਨੇ ਕਿਹਾ ਕਿ ਤਿਉਹਾਰਾਂ ਦਾ ਸਮਾਂ ਵਪਾਰੀਆਂ ਲਈ ਸਾਲ ਦਾ ਸਭ ਤੋਂ ਮਹੱਤਵਪੂਰਨ ਦੌਰ ਹੁੰਦਾ ਹੈ। ਵੱਡੀ ਰੈਲੀ ਕਾਰਨ ਟ੍ਰੈਫਿਕ ਜਾਮ ਅਤੇ ਆਵਾਜਾਈ ਵਿੱਚ ਰੁਕਾਵਟ ਪੈਣ ਨਾਲ ਬਾਜ਼ਾਰਾਂ ਵਿੱਚ ਗਾਹਕਾਂ ਦੀ ਆਮਦ ਘਟ ਸਕਦੀ ਹੈ, ਜਿਸ ਦਾ ਸਿੱਧਾ ਅਸਰ ਵਪਾਰ ’ਤੇ ਪਵੇਗਾ। ਉਨ੍ਹਾਂ ਕਿਹਾ, ਮੁਹੱਬਤ ਦਾ ਸੁਨੇਹਾ ਦਿਓ, ਪਰ ਵਪਾਰੀਆਂ ਦੀ ਰੋਜ਼ੀ-ਰੋਟੀ ਦੀ ਕੀਮਤ ’ਤੇ ਨਹੀਂ। ਵਪਾਰੀਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਕਿਸੇ ਸਿਆਸੀ ਪ੍ਰੋਗਰਾਮ ਦਾ ਵਿਰੋਧ ਕਰਨਾ ਨਹੀਂ, ਸਗੋਂ ਤਿਉਹਾਰਾਂ ਦੇ ਸੀਜ਼ਨ ਵਿੱਚ ਬਾਜ਼ਾਰਾਂ ਦੀ ਸੁਚਾਰੂ ਆਵਾਜਾਈ ਅਤੇ ਵਪਾਰਕ ਗਤੀਵਿਧੀਆਂ ਨੂੰ ਬਣਾਈ ਰੱਖਣਾ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਵਪਾਰੀਆਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ 1 ਨਵੰਬਰ ਦੀ ਪ੍ਰਸਤਾਵਿਤ ਰੈਲੀ ਮੁਲਤਵੀ ਕਰਨ ’ਤੇ ਵਿਚਾਰ ਕੀਤਾ ਜਾਵੇ।